Ashwin ਬਣੇ IPL ਵਿੱਚ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼
38 ਸਾਲਾ ਰਵੀਚੰਦਰਨ ਅਸ਼ਵਿਨ ਸਵਿੰਗ ਕਿੰਗ ਭੁਵਨੇਸ਼ਵਰ ਕੁਮਾਰ ਨੂੰ ਪਿੱਛੇ ਛੱਡ ਕੇ ਆਈਪੀਐਲ ਇਤਿਹਾਸ ਵਿੱਚ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਮੰਗਲਵਾਰ ਨੂੰ ਪੰਜਾਬ ਕਿੰਗਜ਼ ਖਿਲਾਫ ਮੈਚ ਦੌਰਾਨ ਅਸ਼ਵਿਨ ਨੇ ਆਪਣੇ ਚਾਰ ਓਵਰਾਂ ਵਿੱਚ 48 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਨ੍ਹਾਂ ਦੋ ਵਿਕਟਾਂ ਨਾਲ ਉਹ ਹੁਣ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।
ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹੁਣ ਤੱਕ 217 ਮੈਚ ਖੇਡੇ ਹਨ ਅਤੇ 29.92 ਦੀ ਔਸਤ ਨਾਲ 185 ਵਿਕਟਾਂ ਲਈਆਂ ਹਨ। ਆਈਪੀਐਲ ਵਿੱਚ ਇਸ ਤਜਰਬੇਕਾਰ ਸਪਿਨਰ ਦਾ ਸਰਬੋਤਮ ਗੇਂਦਬਾਜ਼ੀ ਪ੍ਰਦਰਸ਼ਨ 34 ਦੌੜਾਂ ਦੇ ਕੇ 4 ਵਿਕਟਾਂ ਹੈ। ਦੂਜੇ ਪਾਸੇ ਭੁਵਨੇਸ਼ਵਰ ਕੁਮਾਰ ਨੇ ਇਸ ਲੀਗ 'ਚ ਹੁਣ ਤੱਕ 179 ਮੈਚ ਖੇਡੇ ਹਨ ਅਤੇ 184 ਵਿਕਟਾਂ ਲਈਆਂ ਹਨ। ਭੁਵੀ ਦਾ ਸਰਬੋਤਮ ਪ੍ਰਦਰਸ਼ਨ 5/19 ਹੈ। ਰਵੀਚੰਦਰਨ ਅਸ਼ਵਿਨ ਤੋਂ ਉੱਪਰ ਪੰਜਾਬ ਕਿੰਗਜ਼ ਦੇ ਸਪਿਨਰ ਯੁਜਵੇਂਦਰ ਚਾਹਲ ਹਨ, ਜਿਨ੍ਹਾਂ ਨੇ 164 ਮੈਚਾਂ ਵਿੱਚ 22.83 ਦੀ ਔਸਤ ਨਾਲ 206 ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ 5/19 ਹੈ। ਸਾਬਕਾ ਸਪਿਨ ਗੇਂਦਬਾਜ਼ ਪੀਯੂਸ਼ ਚਾਵਲਾ ਨੇ ਇਸ ਲੀਗ ਦੇ 192 ਮੈਚਾਂ ਵਿੱਚ 26.60 ਦੀ ਔਸਤ ਨਾਲ 192 ਵਿਕਟਾਂ ਲਈਆਂ ਹਨ।
ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੰਗਲਵਾਰ ਨੂੰ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਪੰਜਾਬ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਲਈ ਓਪਨਿੰਗ ਕਰਨ ਵਾਲੇ ਪ੍ਰਿਯਾਂਸ਼ ਆਰੀਆ ਨੇ ਆਈਪੀਐਲ ਵਿੱਚ ਆਪਣਾ ਪਹਿਲਾ ਸੈਂਕੜਾ ਬਣਾਇਆ ਅਤੇ ਆਪਣੀ ਟੀਮ ਨੂੰ 219 ਦੌੜਾਂ ਤੱਕ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਇਆ। ਪੰਜਾਬ ਕਿੰਗਜ਼ ਨੇ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ।
ਪ੍ਰਿਯਾਂਸ਼ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਪੰਜਾਬ ਆਈਪੀਐਲ 2025 ਦੀ ਅੰਕ ਸੂਚੀ ਵਿੱਚ ਤਿੰਨ ਜਿੱਤ ਅਤੇ ਇੱਕ ਹਾਰ ਨਾਲ ਚੌਥੇ ਸਥਾਨ 'ਤੇ ਹੈ, ਜਦੋਂ ਕਿ ਚੇਨਈ ਇੱਕ ਜਿੱਤ ਅਤੇ ਚਾਰ ਹਾਰ ਨਾਲ 9ਵੇਂ ਸਥਾਨ 'ਤੇ ਹੈ।
ਅੰਕ ਸੂਚੀ 'ਚ ਦਿੱਲੀ ਕੈਪੀਟਲਜ਼ ਇਸ ਸਮੇਂ ਤਿੰਨ ਜਿੱਤਾਂ ਨਾਲ ਪਹਿਲੇ ਸਥਾਨ 'ਤੇ ਹੈ, ਜਦਕਿ ਗੁਜਰਾਤ ਟਾਈਟੰਸ ਤਿੰਨ ਜਿੱਤ ਅਤੇ ਇਕ ਹਾਰ ਨਾਲ ਦੂਜੇ ਸਥਾਨ 'ਤੇ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ ਤਿੰਨ ਜਿੱਤ ਅਤੇ ਇਕ ਹਾਰ ਨਾਲ ਤੀਜੇ ਸਥਾਨ 'ਤੇ ਹੈ।
ਰਵੀਚੰਦਰਨ ਅਸ਼ਵਿਨ ਨੇ ਆਈਪੀਐਲ ਇਤਿਹਾਸ ਵਿੱਚ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣਨ ਦਾ ਸਨਮਾਨ ਹਾਸਲ ਕੀਤਾ। ਪੰਜਾਬ ਕਿੰਗਜ਼ ਖਿਲਾਫ ਮੈਚ ਵਿੱਚ 38 ਸਾਲਾ ਅਸ਼ਵਿਨ ਨੇ ਦੋ ਵਿਕਟਾਂ ਲਈਆਂ, ਜਿਸ ਨਾਲ ਉਹ ਭੁਵਨੇਸ਼ਵਰ ਕੁਮਾਰ ਨੂੰ ਪਿੱਛੇ ਛੱਡਕੇ ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਏ।