ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ: ਕੇਜਰੀਵਾਲ ਰਾਜ ਸਭਾ ਜਾਣ ਦੀ ਤਿਆਰੀ 'ਚ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੌਥੀ ਵਾਰ ਚੋਣ ਨਹੀਂ ਜਿੱਤ ਸਕੇ। ਕੇਜਰੀਵਾਲ ਦੀ ਹਾਰ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਵੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਕੇਜਰੀਵਾਲ ਦੇ ਸਿਆਸੀ ਸਫ਼ਰ ਨੂੰ ਲੈ ਕੇ ਮੀਡੀਆ ਹਲਕਿਆਂ 'ਚ ਅਟਕਲਾਂ ਜਾਰੀ ਹਨ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਪੰਜਾਬ ਦੇ ਰਸਤੇ ਰਾਜ ਸਭਾ ਜਾ ਸਕਦੇ ਹਨ। ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਥਾਂ ਲੈ ਸਕਦੇ ਹਨ। ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਗੁਰਪ੍ਰੀਤ ਗੋਗੀ ਦੀ ਗੈਰ ਹਾਜ਼ਰੀ ਕਾਰਨ ਅਰੋੜਾ ਦੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਰਾਜ ਦੀ ਰਾਜਨੀਤੀ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਪੰਜਾਬ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਅਤੇ ਮੰਤਰੀਆਂ ਨੇ ਅਜਿਹੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ। 'ਆਪ' ਪੰਜਾਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਅਫਵਾਹ ਹੈ, ਇਸ ਤੋਂ ਵੱਧ ਕੁਝ ਨਹੀਂ। ਆਮ ਆਦਮੀ ਪਾਰਟੀ 'ਚ ਇਸ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ। ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ ਵਿੱਚ ਲੋਕਾਂ ਨਾਲ ਜੁੜੇ ਮੁੱਦੇ ਨਹੀਂ ਉਠਾ ਸਕਦੇ। ਇਸ ਲਈ ਉਹ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ।
ਇਸ ਦੇ ਨਾਲ ਹੀ ਭਾਜਪਾ ਅਤੇ ਹੋਰ ਪਾਰਟੀਆਂ ਦਾ ਦਾਅਵਾ ਹੈ ਕਿ ਕੇਜਰੀਵਾਲ ਦਿੱਲੀ ਚੋਣਾਂ 'ਚ ਹਾਰਨ ਤੋਂ ਬਾਅਦ ਪੰਜਾਬ ਦੀ ਵਾਗਡੋਰ ਸੰਭਾਲਣਾ ਚਾਹੁੰਦੇ ਹਨ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਕੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣਾ ਚਾਹੁੰਦੇ ਹਨ।