ਦਿੱਲੀ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਚੋਣ ਕਮਿਸ਼ਨ ਅੱਜ ਪ੍ਰੈੱਸ ਕਾਨਫਰੰਸ ਕਰੇਗਾ। ਪ੍ਰੈਸ ਕਾਨਫਰੰਸ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਪਲੈਨਰੀ ਹਾਲ ਵਿੱਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗੀ। ਕਮਿਸ਼ਨ ਨੇ ਦੇਸ਼ ਭਰ ਦੇ ਮੀਡੀਆ ਕਰਮੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ, ਜੋ ਚੋਣਾਂ ਦੀਆਂ ਤਾਰੀਖਾਂ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਹੋਰ ਪਹਿਲੂਆਂ ਬਾਰੇ ਬਹੁਤ ਉਡੀਕੇ ਜਾ ਰਹੇ ਵੇਰਵੇ ਪ੍ਰਦਾਨ ਕਰੇਗਾ।
2020 'ਚ ਹੋਈਆਂ ਸਨ ਦਿੱਲੀ 'ਚ ਚੋਣਾਂ
ਸਾਲ 2020 'ਚ ਚੋਣ ਕਮਿਸ਼ਨ ਨੇ 6 ਜਨਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਅਤੇ ਵੋਟਿੰਗ ਦੀ ਤਰੀਕ 8 ਫਰਵਰੀ ਤੈਅ ਕੀਤੀ ਸੀ, ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਸ਼ੁਰੂ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਦਿੱਲੀ 'ਚ ਇਕ ਪੜਾਅ 'ਚ ਚੋਣਾਂ ਹੋਣਗੀਆਂ ਅਤੇ ਨਾਲ ਹੀ ਦਿੱਲੀ 'ਚ ਚੋਣਾਂ 10 ਤੋਂ 15 ਫਰਵਰੀ ਦੇ ਵਿਚਕਾਰ ਹੋ ਸਕਦੀਆਂ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 18 ਫਰਵਰੀ ਨੂੰ ਸੇਵਾਮੁਕਤ ਹੋਣ ਵਾਲੇ ਹਨ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਇਹ ਆਖਰੀ ਚੋਣ ਹੋ ਸਕਦੀ ਹੈ।
ਚੋਣ ਕਮਿਸ਼ਨ ਨੇ ਜਾਰੀ ਕੀਤੀ ਵੋਟਰਾਂ ਦੀ ਸੂਚੀ
ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਦਿੱਲੀ 'ਚ 18 ਤੋਂ 19 ਸਾਲ ਦੀ ਉਮਰ ਵਰਗ 'ਚ ਪਹਿਲੀ ਵਾਰ ਵੋਟ ਪਾਉਣ ਵਾਲੇ 2.08 ਲੱਖ ਵੋਟਰ ਵੋਟ ਪਾਉਣਗੇ। ਦਿੱਲੀ 'ਚ ਕੁੱਲ 1,55,24,858 ਰਜਿਸਟਰਡ ਵੋਟਰ ਹਨ। ਇਨ੍ਹਾਂ 'ਚੋਂ 84,49,645 ਪੁਰਸ਼ ਵੋਟਰ ਅਤੇ 71,73,952 ਮਹਿਲਾ ਵੋਟਰ ਹਨ।