ED CLU Scam: ਮੋਹਾਲੀ ਅਤੇ ਚੰਡੀਗੜ੍ਹ ਵਿੱਚ ਬੁੱਧਵਾਰ ਸਵੇਰੇ ਤੜਕੇ ਪ੍ਰਵਰਤਨ ਨਿਰਦੇਸ਼ਾਲੇ (ED) ਵੱਲੋਂ ਵੱਡੀ ਕਾਰਵਾਈ ਕਰਦਿਆਂ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਸਨੈਟੈਕ ਸਿਟੀ ਪ੍ਰੋਜੈਕਟ ਨਾਲ ਜੁੜੇ ਕਥਿਤ ਘਪਲੇ ਦੀ ਜਾਂਚ ਤਹਿਤ ਕੀਤੀ ਗਈ ਹੈ।

ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼
ਮਿਲੀ ਜਾਣਕਾਰੀ ਅਨੁਸਾਰ, ਮੋਹਾਲੀ ਦੇ ਖਰੜ ਸਥਿਤ ਸੈਕਟਰ-121 ਦੀ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਰਹਿੰਦੇ ਆਈਟੀ ਕਾਰੋਬਾਰੀ ਨਿਤਿਨ ਗੋਹਿਲ ਦੇ ਫਲੈਟ ‘ਤੇ ਦਿੱਲੀ ਤੋਂ ਆਈ ED ਟੀਮ ਨੇ ਰੇਡ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਾਂਚ ਦੇ ਘੇਰੇ ਵਿੱਚ ABS ਟਾਊਨਸ਼ਿਪ, ਓਲਟਸ ਬਿਲਡਰਜ਼ ਅਤੇ ਧੀਰ ਕਨਸਟਰਕਸ਼ਨ ਸਮੇਤ ਕਈ ਬਿਲਡਰ ਹਨ। ਇਨ੍ਹਾਂ ‘ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਅਤੇ GMADA ਵੱਲੋਂ ਜਾਰੀ ਕੀਤੇ CLU ਲਾਇਸੈਂਸ ਦੀ ਗਲਤ ਵਰਤੋਂ ਕਰਨ ਦੇ ਦੋਸ਼ ਲੱਗੇ ਹਨ।
ED CLU Scam: ਨੋਟਾਂ ਵਾਲਾ ਬੈਗ ਸੁੱਟਿਆ
ਅਸਮਾਨ ਵਿੱਚ ਉੱਡਦੇ ਦਿਖੇ 500 ਦੇ ਨੋਟ
ਸੂਤਰਾਂ ਮੁਤਾਬਕ ਜਿਵੇਂ ਹੀ ਕਾਰੋਬਾਰੀ ਨੂੰ ED ਟੀਮ ਦੇ ਪਹੁੰਚਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਫਲੈਟ ਦੀ ਨੌਵੀਂ ਮੰਜ਼ਿਲ ਤੋਂ ਨਕਦੀ ਨਾਲ ਭਰਿਆ ਬੈਗ ਹੇਠਾਂ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ 500-500 ਰੁਪਏ ਦੇ ਨੋਟਾਂ ਦੀਆਂ ਗੱਡੀਆਂ ਮੌਜੂਦ ਸਨ। ਉੱਚਾਈ ਤੋਂ ਡਿੱਗਣ ਕਾਰਨ ਬੈਗ ਫਟ ਗਿਆ ਅਤੇ ਨੋਟ ਚਾਰੋਂ ਪਾਸੇ ਖਿਲਰ ਗਏ, ਜਦਕਿ ਕਈ ਨੋਟ ਹਵਾ ਵਿੱਚ ਉੱਡਣ ਲੱਗ ਪਏ।

ਇਸ ਦੌਰਾਨ ਹੇਠਾਂ ਪਹਿਲਾਂ ਤੋਂ ਮੌਜੂਦ ਡਰਾਈਵਰ ਬੈਗ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ED ਟੀਮ ਨੇ ਉਸ ਦਾ ਪਿੱਛਾ ਕਰਕੇ ਮੌਕੇ ‘ਤੇ ਹੀ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਬੈਗ ਵਿਚੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ED ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ED Raid Kharar: ਖਰੜ ਵਿੱਚ ED ਛਾਪਾ ਕੈਸ਼ ਬੈਗ ਡਰਾਈਵਰ ਗ੍ਰਿਫਤਾਰ












