ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ 'ਤੇ ਹਿੰਸਾ ਰੁਕਣ ਦੇ ਕੋਈ ਸੰਕੇਤ ਨਹੀਂ ਦਿਖਾ ਰਹੀ ਹੈ। ਸਰਹੱਦ ਦੇ ਕਈ ਇਲਾਕਿਆਂ ਵਿੱਚ ਝੜਪਾਂ ਜਾਰੀ ਹਨ। ਰਿਪੋਰਟਾਂ ਅਨੁਸਾਰ, ਕੰਬੋਡੀਅਨ ਫੌਜ ਨੇ ਭਾਰੀ ਹਥਿਆਰਾਂ, ਫੀਲਡ ਤੋਪਖਾਨੇ ਅਤੇ BM-21 ਰਾਕੇਟ ਪ੍ਰਣਾਲੀਆਂ ਦੀ ਵਰਤੋਂ ਕਰਕੇ ਲਗਾਤਾਰ ਬੰਬਾਰੀ ਕੀਤੀ। ਥਾਈ ਫੌਜ ਨੇ ਰਣਨੀਤਕ ਸਥਿਤੀ ਦੇ ਅਨੁਸਾਰ ਜਵਾਬੀ ਕਾਰਵਾਈ ਕੀਤੀ ਅਤੇ ਸਥਾਨਕ ਨਾਗਰਿਕਾਂ ਨੂੰ ਟਕਰਾਅ ਵਾਲੇ ਖੇਤਰਾਂ ਵਿੱਚ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ। ਥਾਈਲੈਂਡ ਦੀ ਰਾਸ਼ਟਰੀ ਪ੍ਰਸਾਰਣ ਸੇਵਾਵਾਂ ਨੇ ਸੂਰੀਨ ਪ੍ਰਾਂਤ ਦੇ ਇੱਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸ਼ੁੱਕਰਵਾਰ ਸਵੇਰੇ ਸਰਹੱਦ ਦੇ ਨੇੜੇ ਤੋਪਾਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਹਜ਼ਾਰਾਂ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਗਿਆ ਲਿਜਾਇਆ
ਥਾਈ ਸਿਹਤ ਮੰਤਰਾਲੇ ਦੇ ਡਿਪਟੀ ਬੁਲਾਰੇ ਅਨੁਸਾਰ, ਵੀਰਵਾਰ ਰਾਤ 9 ਵਜੇ ਤੱਕ, ਥਾਈਲੈਂਡ-ਕੰਬੋਡੀਆ ਸਰਹੱਦ 'ਤੇ ਫੌਜੀ ਝੜਪਾਂ ਵਿੱਚ 14 ਥਾਈ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 46 ਹੋਰ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ, ਕੰਬੋਡੀਆ ਦੇ ਓਡਰ ਮੀਨਚੇ ਪ੍ਰਾਂਤ ਦੇ ਡਿਪਟੀ ਗਵਰਨਰ ਮੇਟ ਮਿਆਸ ਫੇਕਦੀ ਨੇ ਮੀਡੀਆ ਨੂੰ ਦੱਸਿਆ ਕਿ ਵੀਰਵਾਰ ਨੂੰ ਥਾਈ ਗੋਲਾਬਾਰੀ ਵਿੱਚ ਇੱਕ ਕੰਬੋਡੀਅਨ ਨਾਗਰਿਕ ਮਾਰਿਆ ਗਿਆ ਅਤੇ 5 ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ, ਸਰਹੱਦ ਦੇ ਨੇੜੇ ਰਹਿਣ ਵਾਲੇ 2,900 ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਸ਼ੁੱਕਰਵਾਰ ਸਵੇਰ ਤੱਕ ਲੜਾਈ ਜਾਰੀ ਹੈ।
ਥਾਈਲੈਂਡ ਨੇ ਭਾਰੀ ਹਥਿਆਰਾਂ ਨਾਲ ਕੀਤਾ ਹਮਲਾ
ਕੰਬੋਡੀਆ ਦੇ ਰੱਖਿਆ ਮੰਤਰਾਲੇ ਦੇ ਅੰਡਰ ਸੈਕਟਰੀ ਅਤੇ ਬੁਲਾਰੇ ਲੈਫਟੀਨੈਂਟ ਜਨਰਲ ਮਾਲੀ ਸੋਚੇਤਾ ਨੇ ਸ਼ੁੱਕਰਵਾਰ ਸਵੇਰੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਥਾਈ ਫੌਜ ਨੇ ਓਡਾਰ ਮੀਨਚੇ ਅਤੇ ਪ੍ਰੀਆਹ ਵਿਹੀਅਰ ਪ੍ਰਾਂਤਾਂ ਵਿੱਚ ਕਈ ਥਾਵਾਂ 'ਤੇ ਭਾਰੀ ਹਥਿਆਰਾਂ, ਐਫ-16 ਲੜਾਕੂ ਜਹਾਜ਼ਾਂ ਅਤੇ ਕਲੱਸਟਰ ਬੰਬਾਂ ਦੀ ਵਰਤੋਂ ਕੀਤੀ। ਇਸ ਟਕਰਾਅ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਚਿੰਤਤ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਦੋਵਾਂ ਧਿਰਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਅਤੇ ਗੱਲਬਾਤ ਰਾਹੀਂ ਹੱਲ ਲੱਭਣ ਦੀ ਅਪੀਲ ਕੀਤੀ ਹੈ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਨੇ ਸੰਯੁਕਤ ਰਾਸ਼ਟਰ ਵਿੱਚ ਇੱਕ ਐਮਰਜੈਂਸੀ ਸੈਸ਼ਨ ਬੁਲਾਇਆ, ਜੋ ਸ਼ੁੱਕਰਵਾਰ ਨੂੰ ਨਿਊਯਾਰਕ ਵਿੱਚ ਬੰਦ ਦਰਵਾਜ਼ਿਆਂ ਪਿੱਛੇ ਹੋਇਆ।
ਹਮਲਿਆਂ ਕਾਰਨ ਦੋਵਾਂ ਧਿਰਾਂ ਨੂੰ ਹੋਇਆ ਭਾਰੀ ਨੁਕਸਾਨ
ਥਾਈਲੈਂਡ ਨੇ ਕੰਬੋਡੀਆ ਨਾਲ ਲੱਗਦੀਆਂ ਸਾਰੀਆਂ ਜ਼ਮੀਨੀ ਸਰਹੱਦਾਂ ਸੀਲ ਕਰ ਦਿੱਤੀਆਂ ਹਨ ਅਤੇ ਆਪਣੇ ਨਾਗਰਿਕਾਂ ਨੂੰ ਕੰਬੋਡੀਆ ਛੱਡਣ ਦੀ ਸਲਾਹ ਦਿੱਤੀ ਹੈ। ਸਾਰੀਆਂ ਸੱਤ ਥਾਈ ਏਅਰਲਾਈਨਾਂ ਨੇ ਥਾਈ ਨਾਗਰਿਕਾਂ ਨੂੰ ਵਾਪਸ ਆਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਟਕਰਾਅ ਥਾਈਲੈਂਡ ਦੀ ਅੰਦਰੂਨੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਪਾਟੋਂਗਟੋਰਨ ਸ਼ਿਨਾਵਾਤਰਾ ਨੂੰ 1 ਜੁਲਾਈ ਨੂੰ ਨੈਤਿਕਤਾ ਜਾਂਚ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਮ ਵੇਚਾਇਆਚਾਈ ਸਥਿਤੀ ਨੂੰ ਸੰਭਾਲ ਰਹੇ ਹਨ। ਫੁਮਥਮ ਨੇ ਕੰਬੋਡੀਆ ਨੂੰ ਹਮਲਾਵਰਤਾ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ।
ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ 'ਤੇ ਹਿੰਸਾ ਵਧ ਰਹੀ ਹੈ, ਜਿਸ ਵਿੱਚ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਥਾਈਲੈਂਡ ਨੇ ਸੁਰੱਖਿਆ ਲਈ ਸਰਹੱਦਾਂ ਸੀਲ ਕਰ ਦਿੱਤੀਆਂ ਹਨ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਦੋਵਾਂ ਧਿਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ।